ਪੰਜਾਬੀ
ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਵਿੱਚ ਸੁਆਗਤ ਹੈ
ਸੂਬਾਈ ਅਦਾਲਤ(ਪ੍ਰੋਵਿੰਸ਼ੀਅਲ ਕੋਰਟ) ਇਸ ਕਿਸਮ ਦੇ ਕੇਸਾਂ ਨਾਲ ਨਜਿੱਠਦੀ ਹੈ:
- ਬਾਲਗਾਂ ਅਤੇ ਨੌਜਵਾਨਾਂ ਵਿਰੁੱਧ ਅਪਰਾਧਿਕ ਦੋਸ਼
- ਜਦੋਂ ਪਰਿਵਾਰ ਵੱਖ ਹੁੰਦੇ ਹਨ ਤਾਂ ਸਹਾਇਤਾ ਅਤੇ ਪਾਲਣ-ਪੋਸਣ ਸੰਬੰਧੀ ਮੁੱਦੇ
- ਬਾਲ ਸੁਰੱਖਿਆ ਦੇ ਮਾਮਲੇ ਜਿੱਥੇ ਬੱਚੇ ਦੀ ਸੁਰੱਖਿਆ ਜਾਂ ਤੰਦਰੁਸਤੀ ਖ਼ਤਰੇ ਵਿੱਚ ਹੋਵੇ
- ਜ਼ਿਆਦਾਤਰ ਛੋਟੇ ਦਾਅਵਿਆਂ (ਸਿਵਲ) ਵਾਲੇ ਕੇਸ $5,001 ਤੋਂ $35,000 ਤੱਕ
ਟਰੈਫ਼ਿਕ, ਟਿਕਟ, ਅਤੇ ਨਿਯਮਾਂ ਦੀ ਉਲੰਘਣਾ
ਪ੍ਰੋਵਿੰਸ਼ੀਅਲ ਕੋਰਟ ਇਹਨਾਂ ਨਾਲ ਨਹੀਂ ਨਜਿੱਠਦੀ:
- ਕਤਲ ਦੇ ਦੋਸ਼ ਵਿੱਚ ਬਾਲਗਾਂ ਦੇ ਮੁਕੱਦਮੇ
- ਤਲਾਕ ਅਤੇ ਪਰਿਵਾਰ ਦੀ ਜਾਇਦਾਦ ਅਤੇ ਕਰਜ਼ੇ ਦੀ ਵੰਡ (ਸਵਾਏ ਇਸ ਦੇ ਕਿ ਪ੍ਰੋਵਿੰਸ਼ੀਅਲ ਕੋਰਟ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ, ਦੋਨੋਂ ਕਿਸੇ ਸਾਥੀ ਜਾਨਵਰ ਦੀ ਇਕੱਲੇ ਮਾਲਕੀ ਜਾਂ ਕਬਜ਼ੇ ਲਈ ਆਦੇਸ਼ ਦੇ ਸਕਦੇ ਹਨ)
- ਜਿਊਰੀ ਟਰਾਇਲ
ਉਹ ਕੇਸ ਬੀ ਸੀ ਸੁਪਰੀਮ ਕੋਰਟ ਵਿੱਚ ਚੱਲਦੇ ਹਨ।
ਕੋਈ ਵਕੀਲ ਲੱਭਣਾ ਜਾਂ ਕਾਨੂੰਨੀ ਸਲਾਹ ਲੈਣਾ
ਤੁਹਾਨੂੰ ਕਿਸੇ ਵੀ ਅਦਾਲਤੀ ਕੇਸ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਵਾਲੇ ਵਕੀਲ ਦੀ ਲੋੜ ਨਹੀਂ ਹੁੰਦੀ। ਹਾਲਾਂਕਿ, ਇਹ ਚੰਗਾ ਵਿਚਾਰ ਹੋ ਸਕਦਾ ਹੈ ਕਿ ਜਾਂ ਤਾਂ ਕੋਈ ਵਕੀਲ ਤੁਹਾਡੀ ਨੁਮਾਇੰਦਗੀ ਕਰੇ, ਜਾਂ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਕਿਸੇ ਵਕੀਲ ਤੋਂ ਸਲਾਹ ਲੈ ਲਵੋਂ। ਜੇਕਰ ਤੁਹਾਡਾ ਕੇਸ ਗੰਭੀਰ ਜਾਂ ਗੁੰਝਲਦਾਰ ਹੈ ਤਾਂ ਇਹ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ। ਕੁਝ ਮਾਮਲਿਆਂ ਵਿੱਚ, ਜੇਕਰ ਵਕੀਲ ਕਰਨ ਦੀ ਤੁਹਾਡੀ ਪੁੱਜਤ ਨਹੀਂ ਹੈ ਤਾਂ ਲੀਗਲ ਏਡ ਬੀ ਸੀ ਤੁਹਾਨੂੰ ਵਕੀਲ ਕਰ ਕੇ ਦੇਵੇਗਾ।
ਕੋਈ ਵਕੀਲ ਲੱਭਣਾ ਜਾਂ ਕਾਨੂੰਨੀ ਸਲਾਹ ਲੈਣਾ
ਦੁਭਾਸ਼ੀਏ
ਦੁਭਾਸ਼ੀਏ ਇਹ ਯਕੀਨੀ ਬਣਾਉਂਦੇ ਹਨ ਕਿ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹਰ ਕੋਈ ਇੱਕ ਦੂਜੇ ਨੂੰ ਅਤੇ ਕੀ ਹੋ ਰਿਹਾ ਹੈ ਬਾਰੇ ਸਮਝ ਸਕਦਾ ਹੋਵੇ। ਕੋਰਟ ਰਜਿਸਟਰੀ ਗਵਾਹਾਂ ਅਤੇ ਭਾਗੀਦਾਰਾਂ ਲਈ ਮੁਫਤ ਦੁਭਾਸ਼ੀਏ ਪ੍ਰਦਾਨ ਕਰਦੀ ਹੈ ਜਿਹੜੇ ਇਸ ਕਿਸਮ ਦੇ ਅਦਾਲਤੀ ਕੇਸਾਂ ਲਈ ਅੰਗਰੇਜ਼ੀ ਨਹੀਂ ਬੋਲਦੇ:
- ਅਪਰਾਧਿਕ ਬਾਲਗ ਅਤੇ ਨੌਜਵਾਨਾਂ ਦੇ ਕੇਸ
- ਪਰਿਵਾਰਕ ਮਾਮਲੇ
- ਟਰੈਫ਼ਿਕ, ਟਿਕਟ, ਨਿਯਮਾਂ ਦੇ ਮਾਮਲੇ
ਕੋਰਟ ਰਜਿਸਟਰੀ ਉਹਨਾਂ ਲੋਕਾਂ ਲਈ ਮੁਫ਼ਤ ਦ੍ਰਿਸ਼ਟੀ-ਮੂਲਕ ਭਾਸ਼ਾ ਅਨੁਵਾਦ (ਵੀਜ਼ੂਅਲ ਲੈਂਗੂਏਜ ਇੰਟਰਪਰਟੇਸ਼ਨ)ਦੀ ਸੇਵਾ ਵੀ ਪ੍ਰਦਾਨ ਕਰਦੀ ਹੈ ਜੋ ਬੋਲ਼ੇ ਹੋਣ ਜਾਂ ਜਿਨ੍ਹਾਂ ਨੂੰ ਉੱਚਾ ਸੁਣਦਾ ਹੋਵੇ। ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਤੁਹਾਨੂੰ ਜਾਂ ਤੁਹਾਡੇ ਵਕੀਲ ਨੂੰ ਜਿੰਨੀ ਜਲਦੀ ਹੋ ਸਕੇ ਜਿੱਥੇ ਤੁਹਾਡੀ ਕਾਰਵਾਈ ਦਾਇਰ ਕੀਤੀ ਹੋਵੇ ਉੱਥੇ ਕੋਰਟ ਰਜਿਸਟਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੋਰਟ ਰਜਿਸਟਰੀ ਦੁਆਰਾ ਪ੍ਰਦਾਨ ਕੀਤਾ ਗਿਆ ਦੁਭਾਸ਼ੀਆ ਅਦਾਲਤ ਦੀ ਸੁਣਵਾਈ ਦੌਰਾਨ ਮਦਦ ਕਰੇਗਾ।
ਹਰ ਹਾਲਤ ਵਿੱਚ, ਅਦਾਲਤ ਦੀ ਸੁਣਵਾਈ ਤੋਂ ਬਾਹਰ ਹੋਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਲਈ ਤੁਹਾਨੂੰ ਆਪਣਾ ਦੁਭਾਸ਼ੀਆ ਲੱਭਣਾ ਚਾਹੀਦਾ ਹੈ। ਉਦਾਹਰਨ ਲਈ, ਜੇਕਰ ਤੁਹਾਨੂੰ ਹੇਠ ਲਿਖੇ ਕੰਮਾਂ ਦੀ ਮਦਦ ਲਈ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਤੁਹਾਨੂੰ ਆਪਣਾ ਖ਼ੁਦ ਦਾ ਦੁਭਾਸ਼ੀਆ ਲੱਭਣਾ ਚਾਹੀਦਾ ਹੈ:
- ਅਦਾਲਤੀ ਅਮਲੇ ਨਾਲ ਗੱਲ ਕਰਨ ਲਈ
- ਅਦਾਲਤੀ ਫਾਰਮ ਭਰਨ ਲਈ, ਜਾਂ
- ਵਕੀਲ ਨਾਲ ਮਿਲਣ ਲਈ
ਕੋਰਟ ਰਜਿਸਟਰੀ ਛੋਟੇ ਦਾਅਵਿਆਂ ਦੇ ਕੇਸਾਂ ਲਈ ਭਾਸ਼ਾ ਦੇ ਦੁਭਾਸ਼ੀਏ ਪ੍ਰਦਾਨ ਨਹੀਂ ਕਰਦੀ।
ਛੋਟੇ ਦਾਅਵਿਆਂ (ਸਮਾਲ ਕਲੇਮਜ਼)ਦੇ ਕੇਸਾਂ ਲਈ ਜੱਜ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਸੈਟਲਮੈਂਟ ਕਾਨਫ਼ਰੰਸ ਵਿੱਚ ਤੁਹਾਡੀ ਮਦਦ ਕਰਨ ਦੀ ਇਜਾਜ਼ਤ ਦੇ ਸਕਦਾ ਹੈ, ਜੇਕਰ ਉਹ ਗਵਾਹ ਨਹੀਂ ਹੋਣਗੇ, ਵਿਵਾਦ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਉਹਨਾਂ ਦੀ ਮੌਜੂਦਗੀ ਵਿਘਨਕਾਰੀ ਨਹੀਂ ਹੋਵੇਗੀ। ਹਰ ਹਾਲਤ ਵਿੱਚ, ਤੁਹਾਨੂੰ ਛੋਟੇ ਦਾਅਵਿਆਂ ਦੀ ਸੁਣਵਾਈ ਲਈ ਇੱਕ ਪੇਸ਼ਾਵਰ ਦੁਭਾਸ਼ੀਏ ਨੂੰ ਨਿਯੁਕਤ ਕਰਨਾ ਚਾਹੀਦਾ ਹੈ।